ਰਣਜੀਤ ਸਿੰਘ ਮਸੌਣ /ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ ////////////ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਥਾਣਾ ਘਰਿੰਡਾ ਪੁਲਿਸ ਵੱਲੋਂ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਨਾਕਾਮ ਕਰਦਿਆਂ, ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ 2 ਗ੍ਰਨੇਡ ਸਮੇਤ ਇੱਕ ਦੋਸ਼ੀ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਮਨਿੰਦਰ ਸਿੰਘ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਅੰਮ੍ਰਿਤਸਰ ਦਿਹਾਤੀ ਨੇ ਦਿੰਦੇ ਹੋਏ ਦੱਸਿਆਂ ਕਿ ਉਹਨਾਂ ਦੀਆਂ ਹਦਾਇਤਾਂ ਤੇ ਕਾਰਵਾਈ ਕਰਦਿਆਂ ਹੋਇਆਂ ਲਖਵਿੰਦਰ ਸਿੰਘ ਡੀ.ਐਸ.ਪੀ ਅਟਾਰੀ ਦੀ ਅਗਵਾਈ ਹੇਠ ਥਾਣਾ ਘਰਿੰਡਾ ਪੁਲਿਸ ਨੇ 2 ਗ੍ਰਨੇਡ ਅਤੇ ਇੱਕ ਬਿਨ੍ਹਾਂ ਨੰਬਰੀ ਮੋਟਰਸਾਈਕਲ ਸਮੇਤ ਇੱਕ ਦੋਸ਼ੀ ਰਵਿੰਦਰ ਸਿੰਘ ਉਰਫ਼ ਰਵੀ ਉਰਫ਼ ਬਾਟੀ ਪੁੱਤਰ ਦੇਸਾਂ ਸਿੰਘ, ਵਾਸੀ ਤਲਵੰਡੀ ਮੋਹਰ ਸਿੰਘ ਕਿਲ੍ਹਾ ਪੱਤੀ, ਥਾਣਾ ਸਦਰ ਪੱਟੀ, ਜ਼ਿਲ੍ਹਾ ਤਰਨ ਤਾਰਨ ਨੂੰਂ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ।
ਗੁਪਤ ਸੂਚਨਾ ਦੇ ਅਧਾਰ ‘ਤੇ ਪੁਲਿਸ ਨੂੰ ਪਤਾ ਲੱਗਿਆ ਕਿ ਦੋਸ਼ੀ ਰਵਿੰਦਰ ਸਿੰਘ ਉਰਫ਼ ਰਵੀ ਉਰਫ਼ ਬਾਟੀ ਆਪਣੇ ਹੋਰ ਨਾਮਲੂਮ ਸਾਥੀਆਂ ਨਾਲ ਮਿਲ ਕੇ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਦੀ ਯੋਜਨਾ ਬਣਾ ਰਿਹਾ ਹੈ। ਇਸ ਸੂਚਨਾਂ ‘ਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਘਰਿੰਡਾ ਪੁਲਿਸ ਨੇ ਪਿੰਡ ਰਾਜਾਤਾਲ ਤੋਂ ਪਿੰਡ ਗੱਲੂਵਾਲ ਨੂੰ ਜਾਦੀ ਸੜਕ ਤੋਂ ਦੋਸ਼ੀ ਨੂੰ 2 ਗ੍ਰਨੇਡ ਅਤੇ ਬਿਨ੍ਹਾਂ ਨੰਬਰੀ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰ ਲਿਆ।ਇਸ ਸਬੰਧੀ ਥਾਣਾ ਘਰਿੰਡਾ ਵਿੱਚ ਮੁਕੱਦਮਾ ਨੰ. 306 ਮਿਤੀ 2-10-2025 ਧਾਰਾ 113 ਭਾਰਤੀ ਦੰਡ ਸੰਹਿਤਾ (BNS) ਅਤੇ ਧਾਰਾ 3, 4, 5 ਐਕਸਪਲੋਸਿਵ ਐਕਟ 1908 ਤਹਿਤ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।
ਗ੍ਰਿਫਤਾਰ ਦੋਸ਼ੀ ਦਾ ਪਹਿਲਾਂ ਤੋਂ ਹੀ ਪੁਰਾਣਾ ਅਪਰਾਧਿਕ ਰਿਕਾਰਡ ਹੈ। ਇਸ ਦੇ ਖ਼ਿਲਾਫ ਜ਼ਿਲ੍ਹਾ ਤਰਨ ਤਾਰਨ ਵਿੱਚ ਧਾਰਾ 307 (ਹੁਣ BNS) ਅਤੇ Arms Act ਹੇਠ ਮੁਕੱਦਮਾਂ ਦਰਜ ਹੈ।ਗ੍ਰਿਫ਼ਤਾਰ ਦੋਸ਼ੀ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਨੂੰ ਗਹਿਰਾਈ ਨਾਲ ਖੰਗਾਲਿਆ ਜਾ ਰਿਹਾ ਹੈ ਅਤੇ ਜਿਸ ਕਿਸੇ ਵੀ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਵੇਗੀ, ਉਸ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Leave a Reply